Tuesday, August 17, 2010

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਕਰਮਯੋਗੀ, ਵਿੱਦਿਆ ਪ੍ਰਚਾਰਕ ਤੇ ਚਿੰਤਕ .......

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਕਰਮਯੋਗੀ, ਵਿੱਦਿਆ ਪ੍ਰਚਾਰਕ ਤੇ ਚਿੰਤਕ 

   ਸੰਤ ਅਤਰ ਸਿੰਘ ਜੀ ਮਸਤੂਆਣਾ




*****************************************************************
                                                             

                      - ਰਘਵੀਰ ਸਿੰਘ ਚੰਗਾਲ

ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਗਾਏ ਸਿੱਖੀ ਦੇ ਬੂਟੇ ਉੱਪਰ ਅਨੇਕਾਂ ਮੁਸੀਬਤਾਂ ਦੇ ਝੱਖੜ ਝੁਲਦੇ ਰਹੇ ਹਨ। ਇਸ ਬੂਟੇ ਨੂੰ ਖਤਮ ਕਰਨ ਲਈ ਸਮੇਂ ਸਮੇਂ ਸਿਰ ਹਕੂਮਤੀ ਜਬਰ ਤੇ ਜ਼ੁਲਮ ਢਾਹਿਆ ਜਾਂਦਾ ਰਿਹਾ ਹੈ। ਅਨੇਕਾਂ ਝੱਖੜਾਂ ਦੀ ਮਾਰ ਵੀ ਇਸ ਬੂਟੇ ਨੂੰ ਖਤਮ ਕਰਨ ਵਿਚ ਨਾਕਾਮ ਰਹੀ ਹੈ।

ਇਕ ਵਕਤ ਅਜਿਹਾ ਵੀ ਆਇਆ ਜਦੋਂ ਪੰਜਾਬ ਦੀ ਧਰਤੀ 'ਤੇ ਨਿਰੋਲ ਸਿੱਖਾਂ ਦਾ ਸ਼ਕਤੀਸ਼ਾਲੀ ਰਾਜ ਹੁੰਦਾ ਸੀ। ਪੰਜ ਦਰਿਆਵਾਂ ਦੀ ਪਵਿੱਤਰ ਧਰਤੀ 'ਤੇ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ। ਪੰਜਾਬ ਦਾ ਸ਼ੇਰ ਜਿਸ ਦੀ ਭਬਕ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ, ਜਿਸ ਦੀ ਤੇਗ ਮੂਹਰੇ ਵੈਰੀਆਂ ਦੇ ਦਮਗਜ਼ੇ ਹਨੇਰੀ ਵਾਂਗ ਉੱਡ ਜਾਂਦੇ ਸਨ, ਜਿਸ ਦੀ ਰਵਾਨਗੀ ਅੱਗੇ 'ਅਟਕ' ਜਿਹੇ ਦਰਿਆ ਅਟਕ ਜਾਇਆ ਕਰਦੇ ਸਨ, ਜਿਸ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਖੈਬਰ ਦੀਆਂ ਪਹਾੜੀਆਂ ਭੁਲਾ ਨਹੀਂ ਸਕੀਆਂ। ਅੱਜ ਜਿਸ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ਨਾਲ ਯਾਦ ਕਰਦੇ ਹਾਂ। ਜਦੋਂ ਹੀ ਇਸ ਨਿਧੜਕ ਯੋਧੇ ਨੇ 27 ਜੂਨ, 1839 ਈ: ਨੂੰ ਅੱਖਾਂ ਮੀਟੀਆਂ ਤੇ ਸਿੱਖ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ।

ਖਾਲਸਾ ਰਾਜ ਦੇ ਖਤਮ ਹੋਣ ਤੋਂ ਬਾਅਦ ਦਾ ਸਮਾਂ ਸਿੱਖਾਂ ਲਈ ਇੱਕ ਬਿਖੜਾ ਤੇ ਦੁਖਦਾਈ ਸਮਾਂ ਸੀ। ਇਕ ਸ਼ਕਤੀਸ਼ਾਲੀ ਰਾਜ ਦੇ ਖਤਮ ਹੋਣ ਨਾਲ ਸਿੱਖਾਂ ਵਿਚ ਨਿਰਾਸ਼ਾਵਾਦੀ ਲਹਿਰ ਦਾ ਫੈਲ ਜਾਣਾ ਸੁਭਾਵਿਕ ਸੀ। ਬ੍ਰਾਹਮਣਵਾਦ ਤੇ ਈਸਾਈ ਮੱਤ ਦੇ ਲੋਕਾਂ ਨੇ ਸਿੱਖੀ ਨੂੰ ਖਤਮ ਕਰਨ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਅੰਗਰੇਜ਼ੀ ਰਾਜ ਵਿਚ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਾਸਤੇ ਹਰ ਤਰ੍ਹਾਂ ਦੀਆਂ ਖੁੱਲ੍ਹਾਂ ਸਿੱਖ ਧਰਮ ਦੇ ਵਿਰੋਧੀਆਂ ਨੇ ਅੰਗਰੇਜ਼ ਪਾਸੋ ਪ੍ਰਾਪਤ ਕਰ ਲਈਆਂ। ਸਿੱਖਾਂ ਦੇ ਮਹਾਨ ਪਵਿੱਤਰ ਤੇ ਇਤਿਹਾਸਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਦੂਜੇ ਧਰਮਾਂ ਦੇ ਸਮਾਗਮ ਹੁੰਦੇ ਸਨ। 1857 ਦਾ ਗਦਰ ਕੁਚਲਣ ਵਾਲੇ ਜ਼ਾਲਮ ਅੰਗਰੇਜ਼ ਜਨਰਲ ਨਿਕਲਸ਼ਨ ਵਰਗੇ ਹਤਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਆ ਜਾਣ ਲੱਗਾ। ਅੰਗਰੇਜ਼ੀ ਰਾਜ ਦੀ ਸਲਾਮਤੀ ਵਾਸਤੇ ਸੁਬਹਾ-ਸ਼ਾਮ ਅਰਦਾਸਾਂ ਹੁੰਦੀਆਂ। ਸਿੱਖ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਉਪਕਾਰਾਂ ਨੂੰ ਭੁੱਲ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਦੂਜੇ ਧਰਮ ਵਾਲਿਆਂ ਦਾ ਬੋਲਬਾਲਾ ਕਾਇਮ ਹੋ ਗਿਆ। ਦੰਭੀ ਗੁਰੂਆਂ ਦੀ ਗਿਣਤੀ ਵੱਧ ਗਈ ਸੀ। ਲੋਕ ਗੁਰੂ ਸਾਹਿਬਾਨ ਨੂੰ ਮਨੋਂ ਵਿਸਾਰ ਰਹੇ ਸਨ। ਸਿੱਖਾਂ 'ਤੇ ਦੂਜੇ ਧਰਮਾਂ ਦਾ ਪੂਰਾ-ਪੂਰਾ ਅਸਰ ਕਾਇਮ ਹੋ ਰਿਹਾ ਸੀ। ਮੁੱਕਦੀ ਗੱਲ ਹਿੰਦੂ ਧਰਮ ਨੇ ਇਕ ਤਰ੍ਹਾਂ ਨਾਲ ਸਿੱਖ ਧਰਮ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਅਜਿਹੇ ਸਮੇਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਗਾਏ ਸਿੱਖੀ ਦੇ ਬੂਟੇ ਨੂੰ ਬਚਾਉਣ ਲਈ ਇੱਕ ਧਾਰਮਿਕ ਸ਼ਖਸੀਅਤ ਦੀ ਸਿੱਖ ਧਰਮ ਨੂੰ ਅਹਿਮ ਲੋੜ ਸੀ। ਇਹ ਸੇਵਾ ਨਾਮ ਬਾਣੀ ਦੇ ਰਸੀਏ, ਵੀਹਵੀਂ ਸਦੀ ਦੇ ਮਹਾਨ ਪੁਰਖ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਹਿੱਸੇ ਆਈ। ਸੰਤ ਜੀ ਨੇ ਅਜਿਹੇ ਨਾਜ਼ਕ ਦੌਰ ਵਿਚ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਇਕ ਨਵਾਂ ਸਾਹਸ ਪ੍ਰਦਾਨ ਕੀਤਾ। ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾ ਕੇ ਲੱਖਾਂ ਕਲਯੁਗੀ ਜੀਵਾਂ ਨੂੰ ਗੁਰੂ ਵਾਲੇ ਬਣਾਇਆ। ਸੈਂਕੜੇ ਗੁਰਦੁਆਰਿਆਂ, ਸਕੂਲਾਂ ਅਤੇ ਕਾਲਜਾਂ ਨੂੰ ਹੋਂਦ ਵਿਚ ਲਿਆਂਦਾ ।