Tuesday, August 17, 2010

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਕਰਮਯੋਗੀ, ਵਿੱਦਿਆ ਪ੍ਰਚਾਰਕ ਤੇ ਚਿੰਤਕ .......

ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਕਰਮਯੋਗੀ, ਵਿੱਦਿਆ ਪ੍ਰਚਾਰਕ ਤੇ ਚਿੰਤਕ 

   ਸੰਤ ਅਤਰ ਸਿੰਘ ਜੀ ਮਸਤੂਆਣਾ




*****************************************************************
                                                             

                      - ਰਘਵੀਰ ਸਿੰਘ ਚੰਗਾਲ

ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਗਾਏ ਸਿੱਖੀ ਦੇ ਬੂਟੇ ਉੱਪਰ ਅਨੇਕਾਂ ਮੁਸੀਬਤਾਂ ਦੇ ਝੱਖੜ ਝੁਲਦੇ ਰਹੇ ਹਨ। ਇਸ ਬੂਟੇ ਨੂੰ ਖਤਮ ਕਰਨ ਲਈ ਸਮੇਂ ਸਮੇਂ ਸਿਰ ਹਕੂਮਤੀ ਜਬਰ ਤੇ ਜ਼ੁਲਮ ਢਾਹਿਆ ਜਾਂਦਾ ਰਿਹਾ ਹੈ। ਅਨੇਕਾਂ ਝੱਖੜਾਂ ਦੀ ਮਾਰ ਵੀ ਇਸ ਬੂਟੇ ਨੂੰ ਖਤਮ ਕਰਨ ਵਿਚ ਨਾਕਾਮ ਰਹੀ ਹੈ।

ਇਕ ਵਕਤ ਅਜਿਹਾ ਵੀ ਆਇਆ ਜਦੋਂ ਪੰਜਾਬ ਦੀ ਧਰਤੀ 'ਤੇ ਨਿਰੋਲ ਸਿੱਖਾਂ ਦਾ ਸ਼ਕਤੀਸ਼ਾਲੀ ਰਾਜ ਹੁੰਦਾ ਸੀ। ਪੰਜ ਦਰਿਆਵਾਂ ਦੀ ਪਵਿੱਤਰ ਧਰਤੀ 'ਤੇ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ। ਪੰਜਾਬ ਦਾ ਸ਼ੇਰ ਜਿਸ ਦੀ ਭਬਕ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ, ਜਿਸ ਦੀ ਤੇਗ ਮੂਹਰੇ ਵੈਰੀਆਂ ਦੇ ਦਮਗਜ਼ੇ ਹਨੇਰੀ ਵਾਂਗ ਉੱਡ ਜਾਂਦੇ ਸਨ, ਜਿਸ ਦੀ ਰਵਾਨਗੀ ਅੱਗੇ 'ਅਟਕ' ਜਿਹੇ ਦਰਿਆ ਅਟਕ ਜਾਇਆ ਕਰਦੇ ਸਨ, ਜਿਸ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਖੈਬਰ ਦੀਆਂ ਪਹਾੜੀਆਂ ਭੁਲਾ ਨਹੀਂ ਸਕੀਆਂ। ਅੱਜ ਜਿਸ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ ਨਾਲ ਯਾਦ ਕਰਦੇ ਹਾਂ। ਜਦੋਂ ਹੀ ਇਸ ਨਿਧੜਕ ਯੋਧੇ ਨੇ 27 ਜੂਨ, 1839 ਈ: ਨੂੰ ਅੱਖਾਂ ਮੀਟੀਆਂ ਤੇ ਸਿੱਖ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ।

ਖਾਲਸਾ ਰਾਜ ਦੇ ਖਤਮ ਹੋਣ ਤੋਂ ਬਾਅਦ ਦਾ ਸਮਾਂ ਸਿੱਖਾਂ ਲਈ ਇੱਕ ਬਿਖੜਾ ਤੇ ਦੁਖਦਾਈ ਸਮਾਂ ਸੀ। ਇਕ ਸ਼ਕਤੀਸ਼ਾਲੀ ਰਾਜ ਦੇ ਖਤਮ ਹੋਣ ਨਾਲ ਸਿੱਖਾਂ ਵਿਚ ਨਿਰਾਸ਼ਾਵਾਦੀ ਲਹਿਰ ਦਾ ਫੈਲ ਜਾਣਾ ਸੁਭਾਵਿਕ ਸੀ। ਬ੍ਰਾਹਮਣਵਾਦ ਤੇ ਈਸਾਈ ਮੱਤ ਦੇ ਲੋਕਾਂ ਨੇ ਸਿੱਖੀ ਨੂੰ ਖਤਮ ਕਰਨ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਅੰਗਰੇਜ਼ੀ ਰਾਜ ਵਿਚ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਾਸਤੇ ਹਰ ਤਰ੍ਹਾਂ ਦੀਆਂ ਖੁੱਲ੍ਹਾਂ ਸਿੱਖ ਧਰਮ ਦੇ ਵਿਰੋਧੀਆਂ ਨੇ ਅੰਗਰੇਜ਼ ਪਾਸੋ ਪ੍ਰਾਪਤ ਕਰ ਲਈਆਂ। ਸਿੱਖਾਂ ਦੇ ਮਹਾਨ ਪਵਿੱਤਰ ਤੇ ਇਤਿਹਾਸਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਦੂਜੇ ਧਰਮਾਂ ਦੇ ਸਮਾਗਮ ਹੁੰਦੇ ਸਨ। 1857 ਦਾ ਗਦਰ ਕੁਚਲਣ ਵਾਲੇ ਜ਼ਾਲਮ ਅੰਗਰੇਜ਼ ਜਨਰਲ ਨਿਕਲਸ਼ਨ ਵਰਗੇ ਹਤਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਆ ਜਾਣ ਲੱਗਾ। ਅੰਗਰੇਜ਼ੀ ਰਾਜ ਦੀ ਸਲਾਮਤੀ ਵਾਸਤੇ ਸੁਬਹਾ-ਸ਼ਾਮ ਅਰਦਾਸਾਂ ਹੁੰਦੀਆਂ। ਸਿੱਖ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਉਪਕਾਰਾਂ ਨੂੰ ਭੁੱਲ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਦੂਜੇ ਧਰਮ ਵਾਲਿਆਂ ਦਾ ਬੋਲਬਾਲਾ ਕਾਇਮ ਹੋ ਗਿਆ। ਦੰਭੀ ਗੁਰੂਆਂ ਦੀ ਗਿਣਤੀ ਵੱਧ ਗਈ ਸੀ। ਲੋਕ ਗੁਰੂ ਸਾਹਿਬਾਨ ਨੂੰ ਮਨੋਂ ਵਿਸਾਰ ਰਹੇ ਸਨ। ਸਿੱਖਾਂ 'ਤੇ ਦੂਜੇ ਧਰਮਾਂ ਦਾ ਪੂਰਾ-ਪੂਰਾ ਅਸਰ ਕਾਇਮ ਹੋ ਰਿਹਾ ਸੀ। ਮੁੱਕਦੀ ਗੱਲ ਹਿੰਦੂ ਧਰਮ ਨੇ ਇਕ ਤਰ੍ਹਾਂ ਨਾਲ ਸਿੱਖ ਧਰਮ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਅਜਿਹੇ ਸਮੇਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਗਾਏ ਸਿੱਖੀ ਦੇ ਬੂਟੇ ਨੂੰ ਬਚਾਉਣ ਲਈ ਇੱਕ ਧਾਰਮਿਕ ਸ਼ਖਸੀਅਤ ਦੀ ਸਿੱਖ ਧਰਮ ਨੂੰ ਅਹਿਮ ਲੋੜ ਸੀ। ਇਹ ਸੇਵਾ ਨਾਮ ਬਾਣੀ ਦੇ ਰਸੀਏ, ਵੀਹਵੀਂ ਸਦੀ ਦੇ ਮਹਾਨ ਪੁਰਖ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਹਿੱਸੇ ਆਈ। ਸੰਤ ਜੀ ਨੇ ਅਜਿਹੇ ਨਾਜ਼ਕ ਦੌਰ ਵਿਚ ਆਪਣੇ ਵਿਚਾਰਾਂ, ਵਿਖਿਆਨਾਂ ਰਾਹੀਂ ਸਿੱਖਾਂ ਨੂੰ ਇਕ ਨਵਾਂ ਸਾਹਸ ਪ੍ਰਦਾਨ ਕੀਤਾ। ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾ ਕੇ ਲੱਖਾਂ ਕਲਯੁਗੀ ਜੀਵਾਂ ਨੂੰ ਗੁਰੂ ਵਾਲੇ ਬਣਾਇਆ। ਸੈਂਕੜੇ ਗੁਰਦੁਆਰਿਆਂ, ਸਕੂਲਾਂ ਅਤੇ ਕਾਲਜਾਂ ਨੂੰ ਹੋਂਦ ਵਿਚ ਲਿਆਂਦਾ ।



ਸ੍ਰੀਮਾਨ ਸੰਤ ਅਤਰ ਸਿੰਘ ਜੀ ਦਾ ਜਨਮ ਚੇਤ ਸੁਦੀ ਏਕਮ ਸੰਮਤ 1923 ਬਿਕਰਮੀ (28 ਮਾਰਚ, 1866 ਈਸਵੀ) ਨੂੰ ਪਿੰਡ ਚੀਮਾਂ,  ਜ਼ਿਲ੍ਹਾ ਸੰਗਰੂਰ ਵਿਚ ਹੋਇਆ। ਮਾਤਾ ਜੀ ਦਾ ਨਾਂਅ ਮਾਤਾ ਭੋਲੀ ਜੀ ਤੇ ਪਿਤਾ ਜੀ ਦਾ ਨਾਂਅ ਸ੍ਰੀਮਾਨ ਬਾਬਾ ਕਰਮ ਸਿੰਘ ਜੀ। ਬਾਲ ਅਵਸਥਾ ਵਿਚ ਸੰਤ ਜੀ ਦੀਆਂ ਰੁਚੀਆਂ ਆਪਣੀ ਉਮਰ ਦੇ ਬੱਚਿਆਂ ਨਾਲੋਂ ਵਿਲੱਖਣ ਹੁੰਦੀਆਂ ਸਨ। ਸੰਤ ਜੀ ਲੀਰਾਂ ਦੀ ਮਾਲਾ ਬਣਾ ਕੇ ਅਕਾਲ ਪੁਰਖ ਦਾ ਸਿਮਰਨ ਕਰਦੇ ਸਨ। ਜਦੋਂ ਉਹ ਸੱਤਵੇਂ ਸਾਲ ਵਿਚ ਪਹੁੰਚੇ ਤਾਂ ਉਹਨਾਂ ਨੇ ਸ੍ਰੀਮਾਨ ਪੰਡਿਤ ਰਾਮ ਸਿੰਘ (ਨਿਰਮਲੇ) ਦੇ ਡੇਰੇ ਤੋਂ ਸੰਤ ਬੂਟਾ ਸਿੰਘ ਪਾਸੋਂ ਗੁਰਮੁਖੀ ਪੜ੍ਹੀ ਤੇ ਗੁਰਬਾਣੀ ਦਾ ਅਧਿਐਨ ਕੀਤਾ।

ਪਿਤਾ ਬਾਬਾ ਕਰਮ ਸਿੰਘ ਜੀ ਨੇ ਉਹਨਾਂ ਨੂੰ ਡੰਗਰ ਚਾਰਨ ਲਾ ਦਿੱਤਾ। ਡੰਗਰ ਚਾਰਨ ਸਮੇਂ ਉਹ ਖੇਤ ਵਿਚ ਸਮਾਧੀ ਲਾ ਕੇ ਬੈਠ ਜਾਂਦੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ। ਉਹ ਆਪਣੇ ਸਾਥੀਆਂ ਨੂੰ ਵੀ ਅਜਿਹੀ ਪ੍ਰੇਰਨਾ ਦਿੰਦੇ ਸਨ। ਸੰਤ ਜੀ ਰੋਜ਼ਾਨਾ ਘਰੋਂ ਭੇਲੀ ਗੁੜ ਦੀ ਲਿਜਾ ਕੇ ਦੇਗ ਵੰਡਣ ਦਾ ਅਭਿਨੈ ਕਰਦੇ ਸਨ।

ਸੰਤ ਜੀ ਦੇ ਸਿਮਰਨ ਤਪੱਸਿਆ ਗੁਰਬਾਣੀ ਪ੍ਰੇਮ ਦੀ ਪ੍ਰਸੰਸਾ ਸੁਣ ਕੇ ਸੂਬੇਦਾਰ ਦਲੇਲ ਸਿੰਘ ਨੇ ਸੰਤ ਜੀ ਦੇ ਮਾਤਾ-ਪਿਤਾ ਨੂੰ ਰਾਇ ਦਿੱਤੀ ਕਿ ਭਾਈ ਅਤਰ ਸਿੰਘ ਨੂੰ ਫੌਜ ਵਿਚ ਭਰਤੀ ਕਰਵਾ ਦਿੰਦੇ ਹਾਂ। ਸੰਤ ਜੀ 1883 ਈ: ਵਿਚ ਧਰਮਕੋਟ ਜਾ ਕੇ ਤੋਪਖਾਨੇ ਵਿਚ ਭਰਤੀ ਹੋ ਗਏ। ਇਸ ਸਮੇਂ ਸੰਤ ਜੀ ਦੀ ਉਮਰ 18 ਸਾਲ ਦੀ ਸੀ। ਸੂਬੇਦਾਰ ਦਲੇਲ ਸਿੰਘ ਸੰਤ ਜੀ ਨੂੰ ਤੋਪਖਾਨੇ ਵਿਚੋਂ ਬਦਲ ਕੇ 54 ਪਲਟਨ, ਕੋਹਾਟ ਵਿਚ ਲੈ ਆਏ। ਪਿਤਾ ਕਰਮ ਸਿੰਘ ਨੇ ਸੰਤ ਜੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਸੰਤ ਜੀ ਨੇ 'ਸਾਨੂੰ ਵਿਆਹ ਕਰਵਾਉਣ ਦਾ ਇਲਾਹੀ ਹੁਕਮ ਨਹੀਂ' ਆਖ ਕੇ ਇਨਕਾਰ ਕਰ ਦਿੱਤਾ। ਪਲਟਨ ਦੇ ਦਸਤੂਰ ਅਨੁਸਾਰ ਨਵੇਂ ਭਰਤੀ ਹੋਏ ਰੰਗਰੂਟਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲੇ ਅੰਮ੍ਰਿਤ ਛਕਾਉਣ ਦੀ ਸੇਵਾ ਪਲਟਨਾਂ ਵਿਚ ਜਾ ਕੇ ਕਰਦੇ ਸਨ। ਪ੍ਰੋਗਰਾਮ ਅਨੁਸਾਰ ਗਿਆਨੀ ਜੀ ਨੂੰ ਕੋਹਾਟ ਬੁਲਾਇਆ ਗਿਆ। ਮਰਿਆਦਾ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ। ਸੰਤ ਜੀ ਨੇ ਸਮੂਹ ਅਭਿਲਾਖੀਆਂ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਥੇ ਉਹਨਾਂ ਦਾ ਮੇਲ ਭਾਈ ਜੋਧ ਸਿੰਘ, ਜੋ ਉਹਨਾਂ ਦੀ ਪਲਟਨ ਦੇ ਗੁਰਦੁਆਰੇ ਦੇ ਗ੍ਰੰਥੀ ਸਨ, ਨਾਲ ਹੋਇਆ। ਹਜ਼ੂਰ ਮਾਨਯੋਗ ਗ੍ਰੰਥੀ ਦੀ ਪਰਮ ਸ਼ਰਧਾ ਨਾਲ ਸੇਵਾ ਕਰਦੇ ਸਨ।

ਸੰਤ ਜੀ ਇਕ ਦਿਨ ਫੌਜ ਵਿਚੋਂ ਰਿਜਰਵਾਂ ਵਿਚ ਨਾਂਅ ਲਿਖਵਾ ਕੇ ਛੁੱਟੀ ਆ ਗਏ। ਸੰਤ ਜੀ ਪਿੰਡ ਚੀਮੇ ਆ ਕੇ ਘਰ ਵਿਚ ਨਹੀਂ ਆਏ। ਖੇਤ ਵਿਚ ਹੀ ਹਰੀ ਦਾ ਸਿਮਰਨ ਕਰਦੇ ਰਹੇ। ਇਥੇ ਹੀ ਨਿੱਕੀ Îਭੈਣ, ਮਾਤਾ ਜੀ ਅਤੇ ਚਾਚੀ ਜੀ ਨੂੰ ਮਿਲੇ। ਇੱਕ ਦਿਨ ਨੰਬਰਦਾਰ ਹਰਨਾਮ ਸਿੰਘ ਨੇ ਆ ਕੇ ਦੱਸਿਆ ਕਿ ਫੌਜ ਤੁਹਾਡੀ ਭਾਲ ਕਰ ਰਹੀ ਹੈ। ਇਸ ਲਈ ਸੰਤ ਜੀ ਚੀਮੇ ਤੋਂ ਫੌਜ ਵਿਚੋਂ ਨਾਂਅ ਕਟਵਾਉਣ ਲਈ ਐਬਟਾਬਾਦ ਚਲੇ ਗਏ। ਜਦੋਂ ਸੰਤ ਜੀ ਕਰਨਲ ਸਾਹਮਣੇ ਗਏ ਤਾਂ ਉਹਨਾਂ ਨੂੰ ਕਵਾਰਟਰ-ਗਾਦਰ ਵਿਚ ਬੰਦ ਕਰ ਦਿੱਤਾ ਗਿਆ। ਕਰਨਲ ਨੇ ਕੁੱਝ ਸਰਦਾਰਾਂ ਦੀ ਸੰਤ ਜੀ ਦਾ ਨਾਂਅ ਕੱਟ ਦੇਣ ਦੀ ਬੇਨਤੀ ਸੁਣ ਕੇ ਸੰਤ ਜੀ ਨੂੰ ਬੁਲਾਵਾ ਭੇਜਿਆ। ਸੰਤ ਜੀ ਦਾ ਕਰਨਲ ਨੇ ਨਾਂ ਕੱਟ ਦਿੱਤਾ ਤੇ ਕਿਹਾ, 'ਹਮ ਲੋਗ ਖੁਸ਼ ਹੈਂ ਟੂਮ ਖੁਡਾ ਕੀ ਨੌਕੜੀ ਵੀ ਅੱਛੀ ਕਰਟਾ ਹੈਂ ਜੈਸੀ ਹੱਛੀ ਫੌਜ ਮੈਂ ਕਟਰਾ ਠਾ।' ਸੰਤ ਜੀ ਫੌਜ ਵਿਚੋਂ ਨਾਂਅ ਕਟਵਾ ਕੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ।

ਸੰਤ ਅਤਰ ਸਿੰਘ ਜੀ ਦੇ ਮਸਤੂਆਣਾ ਸਾਹਿਬ ਦੇ ਸਥਾਨ ਵਿਖੇ ਪਹੁੰਚਣ ਤੋਂ ਲਗਪਗ ਦਸ ਸਾਲ ਪਹਿਲਾਂ ਇਥੇ ਸੰਤ ਜਗਰ ਸਿੰਘ ਹੋਏ ਸਨ। ਸ੍ਰੀਮਾਨ ਸੰਤ ਜਗਰ ਸਿੰਘ ਦਾ ਜਨਮ ਗੁੱਜਰ ਸਿੰਘ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿੰਡ ਕਾਂਝਲੇ ਵਿਖੇ ਹੋਇਆ ਸੀ। ਸੰਤ ਜਗਤ ਸਿੰਘ ਨੇ ਇਸ ਥਾਂ ਇਕ ਝਿੜੇ ਵਿਚ ਕਠਿਨ ਤਪੱਸਿਆ ਕੀਤੀ। ਉਹਨਾਂ ਨੇ ਆਪਣੇ ਨਜ਼ਦੀਕੀ ਪ੍ਰੇਮੀ ਗੁਲਾਬ ਸਿੰਘ, ਸੰਤ ਬਿਸ਼ਨ ਸਿੰਘ, ਸੰਤ ਉੱਤਮ ਸਿੰਘ ਤੇ ਸੰਤ ਗੋਧਾ ਸਿੰਘ ਨੂੰ ਅਖੀਰੀ ਵਕਤ ਸਮੇਂ ਦੱਸਿਆ ਕਿ, 'ਤੁਹਾਨੂੰ ਪੂਰਨ ਪੁਰਸ਼ ਮਿਲਣਗੇ, ਸਿਮਰਨ ਕਰੀ ਜਾਓ।'

ਇਹੋ ਚਾਰੇ ਮਹਾਂਪੁਰਸ਼ ਸੰਤ ਜੀ ਨੂੰ ਪਿੰਡ ਕੱਟੂ ਜਾ ਕੇ ਮਿਲੇ। ਜਦੋਂ ਸੰਤ ਜੀ ਪਿੰਡ ਕੱਟੂ ਵਿਖੇ ਰਹਿੰਦੇ ਸਨ ਤਾਂ ਮਸਤੂਆਣਾ ਵਿਖੇ ਅਨੋਖਾ ਦੇਵੀ ਪ੍ਰਕਾਸ਼ ਹੁੰਦਾ ਸੀ। ਸੰਤ ਜੀ ਕੱਟੂ ਤੋਂ ਕਾਂਝਲੇ ਪਹੁੰਚੇ। ਅਗਲੇ ਦਿਨ ਦੀਵਾਨ ਸਜਿਆ ਅਤੇ ਕੀਰਤਨ ਦਾ ਪ੍ਰਵਾਹ ਚਲਦਾ ਰਿਹਾ। ਸੰਤ ਜੀ ਕਾਂਝਲੇ ਤੋਂ ਅਕੋਈ ਸਾਹਿਬ ਚਲੇ ਗਏ।

ਸੰਤ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਨੇ ਸੰਤ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ, 'ਮਾਲਵੇ ਦਾ ਭਲਾ ਕਰੋ, ਮਾਲਵੇ ਦੇ ਲੋਕ ਅਗਿਆਨੀ ਹਨ। ਗੁਰਸਿੱਖੀ ਨੂੰ ਵਿਸਾਰ ਚੁੱਕੇ ਹਨ। ਮਾਲਵੇ ਨੂੰ ਦਸਮੇਸ਼ ਪਿਤਾ ਨੇ ਗੁਰੂ ਦਾ ਮਾਲਵਾ ਆਖ ਕੇ ਮਾਣ ਬਖਸ਼ਿਆ ਹੈ। ਮਾਲਵੇ ਦੇ ਲੋਕ ਆਪਣੇ ਪਿਛੋਕੜ ਨੂੰ ਭੁੱਲ ਗਏ ਹਨ। ਉਹਨਾਂ ਦੇ ਹਿਰਦੇ ਅੰਦਰ ਗੁਰਸਿੱਖੀ ਦੇ ਪ੍ਰੇਮ ਦੀ ਜੋਤ ਜਗਾਉਣ ਦੀ ਲੋੜ ਹੈ ।' ਸ੍ਰੀਮਾਨ ਸੰਤ ਅਤਰ ਸਿੰਘ, ਸੰਤ ਬਿਸ਼ਨ ਸਿੰਘ ਨੂੰ ਨਾਲ ਲੈ ਕੇ ਤਰਨ ਤਾਰਨ, ਸ੍ਰੀ ਨਨਕਾਣਾ ਸਾਹਿਬ, ਫਤਿਹਗੜ੍ਹ ਸਾਹਿਬ, ਮੁਕਤਸਰ, ਬਠਿੰਡੇ, ਫਿਰ ਕਨੋਹੇ ਹੁੰਦੇ ਹੋਏ ਕਾਂਝਲੇ ਪਹੁੰਚੇ। ਕਾਂਝਲੇ ਦੀ ਸੰਗਤ ਨੇ ਸੰਤ ਜੀ ਦੇ ਆਉਣ ਦੀ ਬਹੁਤ ਖੁਸ਼ੀ ਮਨਾਈ। ਦੀਵਾਨ ਸਜਾਏ ਗਏ। ਇਕ ਦਿਨ ਸੰਤ ਜੀ ਮਸਤੂਆਣਾ ਸਾਹਿਬ ਦਾ ਝਿੜਾ ਦੇਖਣ ਗਏ। ਇਹ ਜਗ੍ਹਾਂ ਸੰਤ ਜੀ ਨੂੰ ਬਹੁਤ ਪਸੰਦ ਆਈ। ਸੰਤ ਜੀ ਨੇ ਪੱਕੇ ਤੌਰ 'ਤੇ ਮਸਤੂਆਣਾ ਵਿਖੇ ਆਸਣ ਲਾਉਣ ਦਾ ਮਨ ਬਣਾਇਆ।

ਕਾਂਝਲੇ ਤੋਂ ਸੰਤ ਜੀ ਫਿਰ ਮਸਤੂਆਣਾ ਆ ਗਏ। ਰੋਜ਼ਾਨਾ ਸੰਗਤ ਇਕੱਤਰ ਹੁੰਦੀ। ਦੀਵਾਨ ਸਜਦੇ ਤੇ ਗੁਰੂ ਕਾ ਲੰਗਰ ਵਰਤਦਾ। ਸੰਤ ਜੀ ਉੱਚੀ ਲੈਅ ਵਿਚ ਧਾਰਨਾਵਾਂ ਪੜ•ਦੇ ਸਨ। ਇਕ ਦਿਨ ਬੜੀ ਤੇਜ਼ ਹਨੇਰੀ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਰੁਮਾਲੇ ਉੱਡ ਗਏ। ਸੰਤ ਜੀ ਨੇ ਅਤਿ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਫੁਰਮਾਇਆ ਕਿ ਹਨੇਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਰਿਹਾ। ਇਸ ਵਾਸਤੇ ਛੇਤੀ ਤੋਂ ਛੇਤੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸੇਵਾ-ਸੰਭਾਲ ਵਾਸਤੇ ਮੰਦਿਰ ਬਣਾਉਣ ਦਾ ਵਿਚਾਰ ਪ੍ਰਗਟ ਕੀਤਾ। ਲੱਕੜੀ ਦੀ ਕਟਾਈ ਅਤੇ ਭੱਠੇ ਦੀ ਪੁਟਾਈ ਵਾਸਤੇ ਸੰਤ ਜੀ ਨੇ ਜਵਾਨ ਸਿੰਘਾਂ ਦਾ ਜੰਗੀ ਜਥਾ ਤਿਆਰ ਕੀਤਾ। ਇਸ ਜਥੇ ਵਿਚੋਂ ਜਥੇਦਾਰ ਭਾਈ ਉੱਤਮ ਸਿੰਘ, ਸ੍ਰੀਮਾਨ ਸੰਤ ਗੁਲਾਬ ਸਿੰਘ, ਸ੍ਰੀਮਾਨ ਸੰਤ ਬਿਸ਼ਨ ਸਿੰਘ, ਭਾਈ ਸਾਵਨ ਸਿੰਘ, ਭਾਈ ਗੁਲਾਬ ਸਿੰਘ, ਭਾਈ ਕਿਸ਼ਨ ਸਿੰਘ, ਭਾਈ ਮੱਲ ਸਿੰਘ ਬਡਰੁੱਖਾਂ, ਭਾਈ ਜਵਾਹਰ ਸਿੰਘ ਭੈਣੀ ਤੇ ਵੀਰ ਸਿੰਘ ਚੰਗਾਲ ਆਦਿ ਸਤਿ-ਪੁਰਸ਼ਾਂ ਦੇ ਨਾਂਅ ਪ੍ਰਸਿੱਧ ਹਨ । ਪੁਰੇ ਜ਼ੋਰਾਂ-ਸ਼ੋਰਾਂ ਨਾਲ ਮਸਤੂਆਣਾ ਸਾਹਿਬ ਦੀ ਕਾਰਸੇਵਾ ਸ਼ੁਰੂ ਕੀਤੀ ਗਈ।

ਜਦੋਂ ਨਾਭਾ ਰਿਆਸਤ ਦੇ ਰਾਜਾ ਹੀਰਾ ਸਿੰਘ ਪਾਸ ਬਹਾਦਰਪੁਰ ਦੇ ਇੱਕ ਵਿਅਕਤੀ ਕਾਲਾ ਸਿੰਘ ਨੇ ਜਾ ਕੇ ਇਹ ਦੱਸਿਆ ਕਿ ਸੰਤ ਅਤਰ ਸਿੰਘ ਇੱਕ ਪਿੰਡ ਬੰਨ੍ਹਣ ਦੀ ਸਕੀਮ ਕਰ ਰਹੇ ਹਨ ਤਾਂ ਹੀਰਾ ਸਿੰਘ ਨੇ ਮਸਤੂ ਨਾਮੀ ਜੱਟ ਦੀ ਔਲਾਦ ਨੂੰ ਹੁਕਮ ਦਿੱਤਾ ਕਿ ਉਹ ਇਥੇ ਕਿਸੇ ਸੰਤ ਨੂੰ ਨਾ ਟਿਕਣ ਦੇਣ। (ਮਸਤੂਆਣੇ ਦੀ ਜ਼ਮੀਨ ਦਾ ਕੁੱਝ ਹਿੱਸਾ ਮਸਤੂ ਨਾਮੀਂ ਜੱਟ ਦੇ ਨਾਂਅ ਦਰਜ ਸੀ) ਜਦੋਂ ਸੰਤ ਜੀ ਨੇ ਇਥੋਂ ਜਾਣ ਦਾ ਵਿਚਾਰ ਸੰਗਤ ਅੱਗੇ ਰੱਖਿਆ ਤਾਂ ਬਡਰੁੱਖਾਂ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ, ਇਥੇ 60 ਵਿਘੇ ਜ਼ਮੀਨ ਸਾਡੀ ਵੀ ਹੈ (ਬਡਰੁੱਖਾਂ ਦੀ ਜ਼ਮੀਨ ਰਿਆਸਤ ਜੀਂਦ ਦੇ ਅਧੀਨ ਸੀ) ਤੁਸੀਂ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰੋ। ਇਹ 60 ਵਿਘੇ ਜ਼ਮੀਨ ਦੇਣ ਵਾਲੇ ਬਡਰੁੱਖਾਂ ਪਿੰਡ ਦੇ ਸ੍ਰੀ ਸੁੰਦਰ ਤੇ ਘੁਤਰੂ ਨਾਂਅ ਦੇ ਦੋ ਵਿਅਕਤੀ ਦੱਸੇ ਜਾਂਦੇ ਹਨ। ਫਿਰ ਤੋਂ ਤਿਆਰੀ ਆਰੰਭ ਹੋ ਗਈ। ਸੇਵਾ ਦਾ ਮਹਾਨ ਕੁੰਭ ਨਿਰੰਤਰ ਚੱਲਣ ਲੱਗਾ। ਸੰਤ ਜੀ ਨੇ ਗੁਰੂਦੁਆਰਾ ਸਾਹਿਬ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ। ਹਰਿਮੰਦਰ ਸ਼ਿਲਾ-ਨਿਆਸ ਰੱਖਿਆ ਗਿਆ। ਸੰਤ ਜੀ ਨੇ ਕਾਰ ਸੇਵਾ ਲਈ ਕੋਹਾਟ, ਹੰਘੂ ਸਾਰਾਗੜ੍ਹੀ, ਬੰਨ੍ਹ ਸ਼ਹਿਰ, ਡੇਰਾ ਅਸਮਾਇਲ ਖਾਂ, ਨੁਸ਼ਹਿਰਾ, ਹਰਿਦੁਆਰ ਆਦਿ ਥਾਵਾਂ 'ਤੇ ਕੀਰਤਨ ਕਰਕੇ ਨਾਮ ਵਰਖਾ ਕੀਤੀ ਤੇ ਸੰਗਤ ਨੂੰ ਮਸਤੂਆਣੇ ਦੀ ਸੇਵਾ ਵਿਚ ਹਿੱਸਾ ਪਾਉਣ ਲਈ ਪ੍ਰੇਰਿਆ।

ਹਰਿਮੰਦਰ ਦੀ ਕਾਰਸੇਵਾ ਪੂਰੀ ਸ਼ਰਧਾ ਤੇ ਮਿਹਨਤ ਨਾਲ ਚੱਲ ਰਹੀ ਸੀ। ਸੰਤ ਜੀ ਕਈ ਦਿਨਾਂ ਬਾਅਦ ਮਸਤੂਆਣਾ ਪਹੁੰਚੇ। ਹਰਿਮੰਦਰ ਦੀ ਬਿਲਡਿੰਗ ਨੂੰ ਸਾਰੇ ਆਲੇ-ਦੁਆਲੇ ਫਿਰ ਕੇ ਉੱਪਰ ਚੜ੍ਹ ਕੇ ਦੇਖਿਆ। ਸੰਗਤਾਂ ਦੂਰੋਂ-ਦੂਰੋਂ ਕਾਰਸੇਵਾ ਲਈ ਆਉਂਦੀਆਂ ਸਨ। ਹਰਿਮੰਦਰ ਦੇ ਗੁਬੰਜ਼ ਵਾਸਤੇ ਭਾਈ ਥੰਮਣ ਸਿੰਘ ਰਾਜ ਮਿਸਤਰੀ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ। ਗੁਬੰਜ਼ ਤਿਆਰ ਹੋਇਆ, ਸਹਜ ਪਾਠ ਦਾ ਭੋਗ ਪਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੁਕਮਨਾਮਾ ਲਿਆ ਗਿਆ ਤੇ ਇਹ ਸ਼ਬਦ ਆਇਆ-

ੴ ਸਤਿਗੁਰੂ ਪ੍ਰਸਾਦਿ£

ਗੁਰੂ ਸਾਗਰ ਰਤਨੀ ਭਰਪੂਰੇ।

ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।

ਹਰਿ ਰਸੁ ਚੋਗ ਚੁਗਿਹ ਪ੍ਰਭ ਭਾਵੈ ।

ਸਰਵਰ ਮਹਿ ਹੰਸ ਪ੍ਰਾਨ ਪਤਿ ਪਾਵੈ ।।

ਪਹਿਲੀ ਪੰਕਤੀ ਦੇ ਵਾਕ ਅਨੁਸਾਰ ਸੰਤ ਜੀ ਨੇ 'ਗੁਰਸਾਗਰ ਸਾਹਿਬ ਮਸਤੂਆਣਾ' ਨਾਂਅ ਨਿਯੁਕਤ ਕੀਤਾ ਅਤੇ ਸਰੋਵਰ ਦੀ ਪੁਟਾਈ ਦਾ ਟੱਕ ਲਾਇਆ। ਪੂਰੀ ਸ਼ਰਧਾ ਭਾਵਨਾ ਨਾਲ ਇਲਾਕੇ ਦੀਆਂ ਸੰਗਤਾਂ ਨੇ ਗੁਰੂਸਾਗਰ ਦੇ ਨਿਰਮਾਣ ਵਿਚ ਨਿਸ਼ਕਾਮ ਸੇਵਾ ਦੇ ਲਾਹੇ ਪ੍ਰਾਪਤ ਕੀਤੇ। ਸੰਤ ਜੀ ਜਥੇਦਾਰ ਉੱਤਮ ਸਿੰਘ ਨੂੰ ਗੁਰਸਾਗਰ ਦੀ ਸੇਵਾ ਸੰਭਾਲ ਕੇ ਖੁਦ ਅੰਮ੍ਰਿਤ ਪ੍ਰਚਾਰ ਲਈ ਤਰਨ ਤਾਰਨ ਵੱਲ ਚੱਲ ਪਏ।

ਸ੍ਰੀਮਾਨ ਸੰਤ ਅਤਰ ਸਿੰਘ ਨੇ ਤਰਨ ਤਾਰਨ ਵਿਚ ਨਾਮ ਵਰਖਾ ਕਰਕੇ ਹਜ਼ਾਰਾਂ ਜੀਵਾਂ ਨੂੰ ਹਰੀ ਚਰਨਾਂ ਨਾਲ ਜੋੜਿਆ। ਇਥੇ ਉਹਨਾਂ ਨੇ ਵਿਚਾਰ ਬਣਾਇਆ ਕਿ ਪੋਠੋਹਾਰ ਦੇ ਇਲਾਕੇ ਵਿਚ ਨਾਮ ਚਰਚਾ ਕੀਤੀ ਜਾਵੇ। ਸੰਤ ਪ੍ਰੇਮ ਸਿੰਘ ਨੂੰ ਗਾਰਡਰਾਂ ਦੀ ਉਗਰਾਹੀ ਲਈ ਕਰਾਚੀ ਭੇਜ ਕੇ ਆਪ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਚੱਲ ਪਏ। ਅੰਮ੍ਰਿਤਸਰ ਤੋਂ ਸੰਤ ਜੀ ਪੋਠੋਹਾਰ ਪਹੁੰਚੇ। ਇਥੋਂ ਭਾਈ ਹਰੀ ਸਿੰਘ ਅਤੇ ਭਾਈ ਕਰਮ ਸਿੰਘ ਨੂੰ ਗੁਰਸਾਗਰ ਮਸਤੂਆਣਾ ਸਾਹਿਬ ਦੀ ਸੇਵਾ ਲਈ ਪੱਥਰ Îਭੇਜਣ ਦੀ ਸੇਵਾ ਸੌਂਪੀ। ਪੰਜ ਦਿਨ ਨਾਮ ਸਿਮਰਨ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਸੈਂਕੜੇ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਪੋਠੋਹਾਰ ਦੀ ਸੰਗਤ ਨੂੰ ਹਰੀ ਦੇ ਲੜ ਲਾ ਕੇ ਸੰਤ ਜੀ ਗੁਰਸਾਗਰ ਮਸਤੂਆਣਾ ਸਾਹਿਬ ਵਾਪਸ ਪਹੁੰਚ ਗਏ।

ਗੁਰਸਾਗਰ ਦੀ ਸੇਵਾ ਜਥੇਦਾਰ ਭਾਈ ਉੱਤਮ ਸਿੰਘ ਦੀ ਦੇਖ-ਭਾਲ ਹੇਠ ਨਿਰੰਤਰ ਚੱਲ ਰਹੀ ਸੀ। ਇਲਾਕੇ ਦੀਆਂ ਸੰਗਤਾਂ ਢੋਲ ਵਜਾਉਂਦੀਆਂ ਹਰੀ ਦੇ ਰੰਗ ਵਿਚ ਸੇਵਾ ਭਾਵਨਾ ਨਾਲ ਪੁੱਜਦੀਆਂ, ਪੂਰੀ ਸ਼ਰਧਾ ਨਾਲ ਸੇਵਾ ਕਰਦੀਆਂ। ਸੰਤ ਜੀ ਖੁਦ ਇੱਕ ਪਾਸੇ ਬੈਠ ਕੇ ਸੇਵਾ ਕਰਵਾਉਂਦੇ ਸਨ। ਸੇਵਾ ਦੇ ਨਾਲ-ਨਾਲ ਸੰਤ ਜੀ ਦੀਵਾਨ ਸਜਾਉਂਦੇ ਅਤੇ ਉੱਚੀ ਸੁਰ ਵਿਚ ਕੀਰਤਨ ਕਰਦੇ ਸਨ। ਸੰਤ ਜੀ ਦੇ ਚਰਨਾਂ ਵਿਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਰਗੇ ਆ ਕੇ ਬੇਨਤੀ ਕਰਦੇ ਕਿ ਸਾਡੇ ਮਹਿਲਾਂ ਵਿਚ ਚਰਨ ਪਾਓ। ਇੱਕ ਵਾਰ ਸੰਤ ਜੀ ਦੁਸਹਿਰੇ ਵਾਲੇ ਦਿਨ ਬੇਨਤੀ ਮਨਜ਼ੂਰ ਕਰਕੇ ਪਟਿਆਲੇ ਪਹੁੰਚੇ ਤਾਂ ਮਹਾਰਾਜਾ ਪਟਿਆਲਾ ਨੇ ਨਿਰਮਤਾ ਸਹਿਤ ਹਜ਼ੂਰ ਨੂੰ ਰਾਜ ਸਿੰਘਾਸਨ ਉੱਪਰ ਬੈਠਣ ਦੀ ਬੇਨਤੀ ਕੀਤੀ। ਸੰਤ ਜੀ ਨੇ ਲਾਇਲਪੁਰ ਵਿਖੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਅਤੇ ਹਾਈ ਸਕੂਲ ਦੀ ਨੀਂਹ ਰੱਖੀ। ਸੰਤ ਜੀ ਬੰਬਈ, ਕਰਾਚੀ, ਕਨੋਹਾ, ਰਾਵਲਪਿੰਡੀ ਅਤੇ ਕਸ਼ਮੀਰ ਆਦਿ ਥਾਵਾਂ 'ਤੇ ਗਏ ਤੇ ਸੰਗਤਾਂ ਨੂੰ ਹਰੀ ਦੇ ਨਾਮ ਸਿਮਰਨ ਨਾਲ ਜੋੜਿਆ। ਸੰਤ ਜੀ ਗੁਰਸਾਗਰ ਦੀ ਸੇਵਾ ਲਈ ਵੀ ਸਿੱਖ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਸਨ। ਸੰਤ ਜੀ ਦੀ ਪ੍ਰੇਰਨਾ ਸਦਕਾ ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਰਣਜੀਤ ਸਿੰਘ (ਰਿਆਸਤ ਜੇਂਦ) ਦੀਆਂ ਫੌਜਾਂ ਨੇ ਤਾਲ ਦੀ ਪੂਰੀ ਲਗਨ ਨਾਲ ਸੇਵਾ ਕੀਤੀ। ਸੰਤ ਜੀ ਨੇ ਕਾਂਝਲੇ ਸੰਗਤ ਦੀ ਬੇਨਤੀ ਸੁਣ ਕੇ ਰੱਥ 'ਤੇ ਸਵਾਰ ਹੋ ਕੇ ਕਾਂਝਲੇ ਦਰਸ਼ਨ ਦਿੱਤੇ। ਇਸ ਪਿੰਡ ਦੀ ਧਰਤੀ ਨੂੰ ਛੇਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਸੰਤ ਜੀ ਨੇ ਗੁਰੂਦੁਆਰਾ ਸਾਹਿਬ ਦੀ ਨੀਂਹ ਰੱਖੀ। ਇਸ ਗੁਰੁਦੁਆਰਾ ਸਾਹਿਬ ਦੀ ਸੇਵਾ ਸ੍ਰੀਮਾਨ ਸੰਤ ਬਿਸ਼ਨ ਸਿੰਘ ਨੂੰ ਸੌਂਪ ਕੇ ਆਪ ਗੁਰਸਾਗਰ ਪਹੁੰਚ ਗਏ।

ਸ੍ਰੀਮਾਨ ਸੰਤ ਅਤਰ ਸਿੰਘ ਜੀਂਦ ਰਿਆਸਤ ਦੇ ਮਹਾਰਾਜਾ ਦੀ ਬੇਨਤੀ ਸੁਣ ਕੇ ਜਾਰਜ ਪੰਚਮ ਦੇ ਤਾਜ਼ਪੋਸ਼ੀ ਸਮਾਰੋਹ ਵਿਚ ਸ਼ਾਮਿਲ ਹੋਏ। ਭਾਰਤ ਵਿਚ ਇਹ ਸੰਤ ਜੀ ਦਾ ਆਪਣੀ ਕਿਸਮ ਦਾ ਪਹਿਲਾ ਸਮਾਗਮ ਸੀ। ਦੇਸ਼ ਭਰ ਦੇ ਰਾਜੇ, ਨਵਾਬ, ਰਈਸ, ਜਗੀਰਦਾਰ, ਸਰਦਾਰ, ਗ਼ਰੀਬ, ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਬਿਨਾਂ ਭੇਦ-ਭਾਵ ਦੇ ਸੰਤ ਜੀ ਦੇ ਦਰਸ਼ਨਾਂ ਨੂੰ ਆਉਂਦੇ ਅਤੇ ਕਥਾ ਕੀਰਤਨ ਦੀ ਵਹਿੰਦੀ ਗੰਗਾ ਵਿਚ ਇਸ਼ਨਾਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ। ਇੱਕ ਵਾਰ ਜਾਰਜ ਪੰਚਮ ਵੀ ਸੰਤ ਜੀ ਦੀ ਉੱਚ-ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਚਰਨਾਂ ਵਿਚ ਝੁਕ ਗਿਆ ਸੀ।

18 ਮਈ, 1914 ਨੂੰ ਪੰਡਿਤ ਮਦਨ ਮੋਹਨ ਮਾਲਵੀਆ ਕੁੱਝ ਵਿਅਕਤੀਆਂ ਸਮੇਤ ਰੇਲ ਰਾਹੀਂ ਸੰਗਰੂਰ ਪਹੁੰਚੇ। ਸੰਗਰੂਰ ਤੋਂ ਪੈਦਲ ਚੱਲ ਕੇ ਗੁਰਸਾਗਰ ਮਸਤੂਆਣਾ ਸਾਹਿਬ ਦਾ ਚਾਰ ਮੀਲ ਦਾ ਰਸਤਾ ਕੜਕਦੀ ਧੁੱਪ 'ਚ ਤੈਅ ਕੀਤਾ। ਸੰਤ ਜੀ ਦੇ ਦਰਸ਼ਨਾਂ ਲਈ ਵਿਆਕੁਲ ਸਨ। ਜਦੋਂ ਸੰਤ ਜੀ ਦੇ ਦਰਸ਼ਨ ਹੋਏ ਤਾਂ ਪੰਡਿਤ ਜੀ ਬਹੁਤ ਨਿਹਾਲ ਹੋਏ। ਸੰਤ ਜੀ ਨੇ ਉਪਦੇਸ਼ ਫੁਰਮਾਇਆ 'ਅਵਲ ਅਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ' ਸੁਣ ਕੇ ਅਤਿ ਪ੍ਰਸੰਨ ਹੋਏ ਪੰਡਿਤ ਜੀ ਨੇ ਬੇਨਤੀ ਕੀਤੀ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਆਪ ਆਪਣੇ ਕਰ-ਕਮਲਾਂ ਨਾਲ ਰੱਖੋ। ਸੰਤ ਜੀ ਨੇ ਬੇਨਤੀ ਮਨਜ਼ੂਰ ਕਰਕੇ ਦਸੰਬਰ, 24 ਦਸੰਬਰ, 1914 ਨੂੰ ਬਨਾਰਸ ਪਹੁੰਚਣ ਦਾ ਪ੍ਰਬੰਧ ਕੀਤਾ । ਮਹਾਰਾਜ ਨਾਭਾ ਖੁਦ ਵੀ ਨਾਲ ਸਨ। ਜਦੋਂ ਇਹ ਗੱਡੀ ਬਨਾਰਸ ਦੇ ਰੇਲਵੇਂ ਸਟੇਸ਼ਨ 'ਤੇ ਪਹੁੰਚੀ ਤਾਂ ਉਥੇ ਬਹੁਤ ਸਾਰੀ ਸੰਗਤ ਇਕੱਤਰ ਹੋਈ ਸੰਤ ਜੀ ਦੇ ਸਵਾਗਤ ਵਾਸਤੇ ਖੜ੍ਹੀ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਮਹਾਰਾਜਾ ਬੀਕਾਨੇਰ, ਰਿਆਸਤ ਇੰਦੌਰ ਤੇ ਅਲਵਰ ਦੇ ਰਾਜੇ, ਮਹਾਰਾਜਾ ਸਾਹਿਬ ਗਵਾਲੀਅਰ, ਨਵਾਬ ਭੁਪਾਲ ਤੇ ਹੋਰ ਕਿੰਨੇ ਹੀ ਸੱਜਣ, ਪੰਡਿਤ ਮੋਹਨ ਮਾਲਵੀਆ ਦੀ ਅਗਵਾਈ ਵਿਚ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਜਲੂਸ ਦੀ ਸ਼ਕਲ ਵਿਚ ਸੰਤ ਜੀ ਨੂੰ ਲਿਜਾਇਆ ਗਿਆ ਤੇ ਰੰਗ-ਬਰੰਗੇ ਫੁੱਲਾਂ ਦੀ ਵਰਖਾ ਕੀਤੀ।

ਨੀਂਹ-ਪੱਥਰ ਰੱਖਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪੰਜ ਸ੍ਰੀ ਅਖੰਡ ਪਾਠਾਂ ਦਾ ਭੋਗ ਪਾਇਆ ਗਿਆ। ਸ੍ਰੀਮਾਨ ਸੰਤ ਜੀ ਆਪਣੇ ਅਨੋਖੇ ਅੰਦਾਜ਼ ਵਿਚ ਸ਼ਬਦ ਪੜ੍ਹਦੇ ਤੇ ਆਈਆਂ ਸੰਗਤਾਂ ਨੂੰ ਗੁਰਮਤਿ ਦੇ ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਨਿਹਾਲ ਕਰਦੇ। ਇਥੇ ਹੀ ਨੀਂਹ-ਪੱਥਰ ਰੱਖਣ ਸਮੇਂ ਤਕਰੀਰ ਕਰਦੇ ਹੋਏ ਪੰਡਿਤ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ 'ਜੇ ਹਿੰਦੁਸਤਾਨ ਨੇ ਆਜ਼ਾਦ ਹੋਣਾ ਹੈ ਤਾਂ ਮੇਰੀ ਇਹ ਜ਼ੋਰਦਾਰ ਰਾਇ ਹੈ ਕਿ ਹਰ ਹਿੰਦੂ ਪਰਿਵਾਰ ਵਿਚ ਘੱਟੋ-ਘੱਟ ਇੱਕ ਸਿੱਖ ਜ਼ਰੂਰ ਹੋਵੇ।' ਸ੍ਰੀਮਾਨ ਸੰਤ ਜੀ ਨੇ ਸੋਨੇ ਦੀਆਂ ਗਿਆਰਾਂ ਇੱਟਾਂ ਨਾਲ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨੀਂਹ-ਪੱਥਰ ਦੀ ਰਸਮ ਅਦਾ ਕੀਤੀ। ਸੰਤ ਜੀ ਨਾÎਭਾ ਪਤੀ ਨਾਲ ਵਾਪਸ ਗੁਰਸਾਗਰ ਪਰਤੇ।

ਗੁਰਮਤਿ ਪ੍ਰਚਾਰ ਤੋਂ ਇਲਾਵਾ ਸੰਤ ਜੀ ਨੇ ਵਿੱਦਿਆ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਿੱਖ ਐਜੂਕੇਸ਼ਨਲ ਕਾਨਫਰੰਸਾਂ ਨੂੰ ਗੁਰੂ ਖਾਲਸੇ ਦੀ ਇਕੱਤਰਤਾ ਸਮਝਦੇ ਹੋਏ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। ਸੰਤ ਜੀ ਦੇ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਨਾਲ ਏਨੀ ਰੌਣਕ ਹੋ ਜਾਂਦੀ ਕਿ ਇਹ ਇਕੱਠ ਮੇਲਿਆਂ ਦਾ ਰੂਪ ਧਾਰਨ ਕਰ ਜਾਂਦੇ। ਸੱਤਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਜੋ ਕਿ 12, 13, ਅਤੇ 14 ਅਪ੍ਰੈਲ, 1914 ਨੂੰ ਜਲੰਧਰ ਵਿਖੇ ਹੋਈ, ਇਸ ਸਮਾਗਮ ਦੀ ਪ੍ਰਧਾਨਗੀ ਮਹਾਰਾਜਾ ਭੁਪਿੰਦਰ ਸਿੰਘ ਦੇ ਛੋਟੇ ਭਾਈ ਨੂੰ ਸੌਂਪੀ ਗਈ ਪਰ 1914 ਵਿਚ ਕੈਲੋਫੋਰਨੀਆ ਅਤੇ ਕੈਨੇਡਾ ਤੋਂ ਆਉਂਦੇ ਸਿੱਖਾਂ ਦੇ ਕਲਕੱਤਾ ਵਿਖੇ ਫੜੇ ਜਾਣ ਕਾਰਨ ਚੀਫ ਖਾਲਸਾ ਦੀਵਾਨ ਅਤੇ ਪੰਥ ਦੇ ਬਹੁਤ ਸਾਰੇ ਆਗੂ ਸੱਜਣਾਂ ਵਿਚ ਬੜਾ ਸਖਤ ਮਤਭੇਦ ਹੋ ਗਿਆ। ਇਸ ਕਾਨਫਰੰਸ ਵਿਚ ਲੜਾਈ-ਝਗੜੇ ਦਾ ਪੂਰਾ ਡਰ ਸੀ। ਸਮੇਂ ਦੇ ਹਾਲਾਤ ਨੂੰ ਦੇਖ ਕੇ ਪਟਿਆਲਾ ਦੇ ਕੰਵਰ ਸਾਹਿਬ ਨੇ ਸਮਾਗਮ ਦੀ ਪ੍ਰਧਾਨਗੀ ਕਰਨ ਤੋਂ ਨਾਂਹ ਕਰ ਦਿੱਤੀ। ਸੋਚ-ਵਿਚਾਰ ਕਰਕੇ ਸੰਤ ਜੀ ਨੂੰ ਇਸ ਸਮਾਗਮ ਦੀ ਪ੍ਰਧਾਨਗੀ ਸੌਂਪੀ ਗਈ। ਆਪਣੇ ਪ੍ਰਧਾਨਗੀ ਵਿਖਿਆਨ ਵਿਚ ਜੋ ਸ਼ਬਦ ਸੰਤ ਜੀ ਨੇ ਆਖੇ, ਉਹ ਸਮੁੱਚੇ ਪੰਥ ਨੂੰ ਗੁਰਸਿੱਖੀ ਵਿਚ ਪ੍ਰਪੱਕ ਹੋਣ ਤੋਂ ਇਲਾਵਾ ਸੰਗਤਾਂ ਨੂੰ ਵਿਦਿਅਕ ਕੇਂਦਰਾਂ ਤੇ ਆਸ਼ਰਮਾਂ ਦੀ ਉਸਾਰੀ ਲਈ ਦਿਲ ਟੁੰਬਣ ਵਾਲੀ ਅਪੀਲ ਵੀ ਸੀ। ਉਹਨਾਂ ਕਿਹਾ-

1.ਸਾਧ-ਸੰਗਤ ਜੀ, ਅਸੀਂ ਸਾਰੇ ਇਹੋ ਹੀ ਚਾਹੁੰਦੇ ਹਾਂ ਕਿ ਖਾਲਸਾ ਪੰਥ ਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋਵੇ ਪਰ ਇਹ ਤਰੱਕੀ ਉਸ ਦਿਨ ਹੋਵੇਗੀ ਜਦ ਅੰਮ੍ਰਿਤ ਵੇਲੇ ਪਹਿਰ ਦੇ ਤੜਕੇ ਹਰ ਪਿੰਡ ਤੇ ਨਗਰ ਵਿਚ ਸਾਧ-ਸੰਗਤਾਂ ਦੇ ਇਸ਼ਨਾਨ ਪਾਣੀ ਲਈ ਡੋਲ ਖੜਕਣੇ ਤੇ 'ੴ ਸਤਿਨਾਮ' ਦੀ ਧੁਨੀ ਉੱਠੇਗੀ।

2. ਜਿਸ ਦਿਨ ਸਾਰੇ ਗੁਰੂ ਖਾਲਸੇ ਜੀ ਦਾ ਇਕੋ ਹੀ ਖਜ਼ਾਨਾ ਹੋ ਜਾਵੇਗਾ ਅਤੇ ਗੁਰੂ ਦੀਆਂ ਸੰਗਤਾਂ ਆਪਣਾ ਦਸਵੰਧ ਅਤੇ ਕਾਰ ਭੇਟ ਇਸ ਖਜ਼ਾਨੇ ਵਿਚ ਸਾਲ ਤੇ ਸਾਲ ਜਾਂ ਮਹੀਨੇ ਬਾਅਦ ਕਰਵਾਉਣਗੀਆਂ। ਫਿਰ ਆਸ਼ਰਾਮਾਂ ਅਤੇ ਪੰਥਕ ਕਾਰਜਾਂ ਲਈ ਕਿਸੇ ਮੰਗ ਅਤੇ ਅਪੀਲ ਦੀ ਲੋੜ ਨਹੀਂ ਪਵੇਗੀ।

3. ਪੰਥ ਦੇ ਸਾਰੇ ਅੰਗ ਨਾਮ ਜਪਣ ਅਤੇ ਹਰੀ ਕੀਰਤਨ ਨੂੰ ਮੁੱਖ ਕਾਰ ਸਮਝਣ ਅਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣ।

ਸੰਤ ਜੀ ਨੇ ਮਿੰਟਗੁਮਰੀ, ਫਿਰੋਜ਼ਪੁਰ, ਫਰੀਦਕੋਟ ਦੀ ਜੇਲ੍ਹ ਵਿਚ, ਕੋਟ ਸ਼ਮੀਰ ਆਦਿ ਥਾਵਾਂ 'ਤੇ ਅੰਮ੍ਰਿਤ ਪ੍ਰਚਾਰ ਕੀਤਾ। ਗੁਰਸਾਗਰ ਵਿਖੇ ਕਾਲਜ ਬਣਾਉਣ ਦਾ ਵਿਚਾਰ ਆਇਆ। ਇਹ ਵਿਚਾਰ ਸੰਤ ਜੀ ਨੇ ਸੰਗਤਾਂ ਦੇ ਰੂਬਰੂ ਕੀਤਾ। ਸੰਤ ਗੁਲਾਬ ਸਿੰਘ ਜੀ ਨੂੰ ਭੱਠਾ ਲਾਉਣ ਦੀ ਸੇਵਾ ਸੌਂਪੀ ਗਈ। 6 ਸਾਵਨ (ਨਾਨਕਸ਼ਾਹੀ ਸੰਮਤ 450) ਨੂੰ ਸੰਤ ਜੀ ਨੇ ਪਵਿੱਤਰ ਹਸਤ ਕਮਲਾਂ ਨਾਲ ਨੀਂਹ ਵਿਚ ਪੰਜ ਇੱਟਾਂ ਰੱਖ ਕੇ ਅਕਾਲ ਕਾਲਜ ਦੀ ਇਮਾਰਤ ਦੀ ਨੀਂਹ ਰੱਖੀ। ਕਾਲਜ ਦੀ ਸੇਵਾ ਬੜੀ ਧੂਮ-ਧਾਮ ਨਾਲ ਸ਼ੁਰੂ ਹੋਈ। ਇਲਾਕਾ ਨਿਵਾਸੀ ਸੰਗਤਾਂ ਹਰ ਰੋਜ਼ ਸ਼ਰਧਾ ਭਾਵਨਾ ਨਾਲ ਸੇਵਾ ਲਈ ਆਉਂਦੀਆਂ। ਇਮਾਰਤ ਲਈ 140 ਰਾਜ ਮਿਸਤਰੀ ਤੇ 200 ਮਜ਼ਦੂਰ ਪੱਕੇ ਤੌਰ 'ਤੇ ਰੱਖੇ ਗਏ। ਪ੍ਰੇਮੀ ਜਨ ਗਾਰਡਨ, ਸਰੀਆ, ਸੀਮੈਂਟ ਤੇ ਕਾਠ ਆਦਿ ਭੇਜ ਕੇ ਸੇਵਾ ਦੇ ਮਹਾਨ ਕੁੰਭ ਵਿਚ ਹਿੱਸਾ ਪਾਉਂਦੇ ਸਨ। ਸੰਤ ਜੀ ਹਰ ਵਕਤ ਸੇਵਾਦਾਰਾਂ ਕੋਲ ਬੈਠ ਕੇ ਸੇਵਾ ਕਰਵਾਉਂਦੇ ਸਨ।

ਛੇਤੀ ਹੀ ਗੁਰਸਾਗਰ ਦੇ ਕਾਲਜ ਦੀ ਸੇਵਾ ਸੰਪੂਰਨ ਹੋਈ। ਸ੍ਰੀ ਗੁਰਦੁਆਰਾ ਸਾਹਿਬ, ਗੁਰੂ ਕਾ ਸਰੋਵਰ ਅਤੇ ਕਾਲਜ ਦੀ ਇਮਾਰਤ ਵੀ ਬਣ ਕੇ ਤਿਆਰ ਹੋ ਗਈੇ ਸੀ। ਉਦਘਾਟਨ ਸਮੇਂ ਹਾਲ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਸੰਤ ਜੀ ਦੇ ਕਹਿਣ 'ਤੇ ਮਹਾਰਾਜਾ ਨਾਭਾ ਦੀ ਸੋਨੇ ਦੇ ਜਿੰਦਰੇ ਨੂੰ ਸੋਨੇ ਦੀ ਚਾਬੀ ਨਾਲ ਖੋਲ• ਕੇ ਕਾਲਜ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਅਤੇ ਸੰਗਤਾਂ ਸਮੇਤ ਹਾਲ ਵਿਚ ਪ੍ਰਵੇਸ਼ ਕੀਤਾ। ਸਭ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ। ਇਸੇ ਇਕੱਠ ਵਿਚ ਕਾਲਜ ਪ੍ਰਬੰਧਕ ਕਮੇਟੀ ਬਣਾਈ ਗਈ, ਜਿਸ ਨੂੰ 'ਅਕਾਲ ਕਾਲਜ ਕੌਂਸਲ' ਦਾ ਨਾਂਅ ਦਿੱਤਾ ਗਿਆ। ਇਸ ਦੇ ਪਹਿਲੇ ਪ੍ਰਧਾਨ ਸ੍ਰੀ ਸੇਵਾ ਸਿੰਘ ਠੀਕਰੀਵਾਲਾ ਥਾਪੇ ਗਏ। ਇਸ ਸਮੇਂ ਸ੍ਰੀ ਰਿਪੁਦਮਨ ਸਿੰਘ ਮਹਾਰਾਜਾ ਨਾਭਾ ਨੇ ਇੱਕ ਹਜ਼ਾਰ ਵਿੱਘਾ ਜ਼ਮੀਨ, ਡੇਢ ਲੱਖ ਰੁਪਿਆ ਨਕਦ ਦੇਣ ਦੀ ਥਾਂ ਰਿਆਸਤ ਪਾਸ ਫੰਡ ਬਣਾ ਦਿੱਤਾ, ਜਿਸ ਦਾ 4 ਫੀਸਦੀ ਸਲਾਨਾ ਵਾਅਜ ਅਰਥਾਤ 6000 ਰੁਪਏ ਸਲਾਨਾ ਰਿਆਸਤ ਵੱਲੋਂ ਦੇਣ ਦਾ ਬਚਨ ਦਿੱਤਾ। ਗੁਰੂ ਕੇ ਲੰਗਰ ਲਈ 100 ਰੁਪਏ ਵੱਖਰਾ ਲਾਇਆ।

ਸੰਤ ਅਤਰ ਸਿੰਘ ਨੇ ਦਿੱਲੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ 'ਤੇ ਸੰਗਤਾਂ ਨੂੰ ਦਰਸ਼ਨ ਦਿੱਤੇ। ਫਿਰ ਇਕ ਮਹੀਨਾ ਨਾਭੇ ਰਹੇ। ਨਾਭੇ ਤੋਂ ਮਹਾਰਾਜ ਰਿਪੁਦਮਨ ਸਿੰਘ ਨੂੰ ਨਾਲ ਲੈ ਕੇ ਦੇਹਾਰਾਦੂਨ ਨੂੰ ਚੱਲ ਪਏ। ਇਕ ਮਹੀਨਾ ਇਥੇ ਠਹਿਰੇ ਤੇ ਫਿਰ ਗੁਰਸਾਗਰ ਮਸਤੁਆਣਾ ਪਹੁੰਚ ਗਏ। ਸੰਤ ਜੀ ਨੇ ਗੁਰਸਾਗਰ ਦਾ ਪ੍ਰਬੰਧ ਸੰਤ ਤੇਜਾ ਸਿੰਘ ਨੂੰ ਸੰਭਾਲ ਦਿੱਤਾ।

21 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਇਸ ਵਿਚ ਦੋ ਸੌ ਸਿੰਘ ਸ਼ਹੀਦ ਹੋਏ। ਪੰਥ ਵੱਲੋਂ ਸ੍ਰੀ ਨਨਕਾਣਾ ਸਾਹਿਬ ਇਕੱਤਰ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਗੁਰਮਤਾ ਪਾਸ ਕੀਤਾ ਗਿਆ। ਸੰਤ ਜੀ ਨੂੰ ਪੱਤਰ ਭੇਜ ਕੇ ਬੁਲਾਇਆ ਗਿਆ। ਸ੍ਰੀਮਾਨ ਸੰਤ ਅਤਰ ਸਿੰਘ ਨੇ ਸਮੇਂ ਸਿਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ। ਆਪ ਜੀ ਨੇ ਰੋਸ ਵਜੋਂ ਕਾਲੀ ਦਸਤਾਰ ਵੀ ਧਾਰਨ ਕੀਤੀ ਸੀ।

ਸੰਤ ਜੀ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਅਤੇ ਸੁਧਾਰ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ। 1914 ਨੂੰ ਜਦੋਂ ਅੰਗਰੇਜ਼-ਜਰਮਨ ਦੀ ਜੰਗ ਲੱਗੀ ਤਾਂ ਭਾਰਤ ਦੇਸ ਦੇ ਮੰਦਿਰ-ਮਸੀਤਾਂ ਵਿਚ ਅੰਗਰੇਜ਼ਾਂ ਦੀ ਜਿੱਤ ਦੀਆਂ ਪ੍ਰਾਰਥਨਾਵਾਂ ਹੁੰਦੀਆਂ ਸਨ। ਇਸੇ ਤਰ੍ਹਾਂ ਅੰਗਰੇਜ਼ੀ ਸਰਕਾਰ ਦੇ ਪਿੱਠੂ ਪੁਜਾਰੀਆਂ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ 101 ਅਖੰਡ ਪਾਠਾਂ ਦੇ ਭੋਗ ਪਾਏ। ਇਹ ਸੁਣ ਕੇ ਸੰਤ ਜੀ ਨੇ ਬੜੇ ਦੁੱਖ ਭਰੇ ਲਹਿਜ਼ੇ ਨਾਲ ਟਿੱਪਣੀ ਕਰਦਿਆਂ ਹੋਇਆਂ ਆਖਿਆ, 'ਅੱਜ ਅੰਗਰੇਜ਼ ਦੀ ਜਿੱਤ ਦੀਆਂ ਅਰਦਾਸ਼ਾਂ ਹੋ ਰਹੀਆਂ ਹਨ ਪਰ ਸਮਾਂ ਆਵੇਗਾ ਕਿ ਇਹਨਾਂ ਦੇ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਵੀ ਲੋਕ ਅਰਦਾਸਾਂ ਕਰਨਗੇ। ਅਜਿਹੇ ਜ਼ੁਲਮੀ ਵਿਦੇਸ਼ੀ ਰਾਜ ਦੀ ਲੋਕੀਂ ਕਦੋਂ ਤਕ ਖੈਰ ਮਨਾਉਣਗੇ।'

ਅੰਤਿਮ ਦਿਨਾਂ ਵਿਚ ਸੰਤ ਜੀ ਮਹਾਰਾਜ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਿਖੇ ਕੀਰਤਨ ਕਰ ਰਹੇ ਸਨ। ਉਹਨਾਂਦੇ ਖੱਬੇ ਚਰਨ ਦੇ ਅੰਗੂਠੇ ਤੇ ਉਂਗਲ ਵਿਚਕਾਰ ਜ਼ਖਮ ਹੋ ਗਿਆ। ਜ਼ਖਮ ਵਾਲੀ ਥਾਂ 'ਤੇ ਇੱਕ ਛਾਲਾ ਹੋ ਗਿਆ, ਸੰਤ ਜੀ ਨੇ ਸੰਗਤ ਨੂੰ ਡਾਕਟਰਾਂ ਨੂੰ ਲੈ ਕੇ ਆਉਣ ਤੋਂ ਮਨ੍ਹਾ ਕੀਤਾ ਪਰ ਸੰਗਤ ਨਾ ਹਟੀ। ਸੰਤ ਜੀ ਮਸਤੂਆਣਾ ਸਾਹਿਬ ਆ ਗਏ। ਇਥੋਂ ਸ੍ਰੀ ਗੋਬਿੰਦਰ ਸਿੰਘ ਦੀ ਕੋਠੀ ਵਿਚ ਸੰਤ ਜੀ ਠਹਿਰੇ ਹੋਏ ਸਨ। ਸੇਵਕਾਂ ਨੇ ਆਪ੍ਰੇਸ਼ਨ ਬੇਨਤੀ ਕੀਤੀ। ਸੰਤ ਜੀ ਨੇ ਫੁਰਮਾਇਆ, 'ਅਸੀਂ ਇਕ ਵਾਰ ਜੋ ਕਹਿ ਚੁੱਕੇ ਹਾਂ ਕਿ ਅਸੀਂ 'ਅਰੋਗ' ਹਾਂ।' ਪਰ ਸੇਵਕ ਸੰਤ ਜੀ ਦਾ ਰਹੱਸਯ ਨਾ ਸਮਝ ਸਕੇ। ਬੰਗਾਲੀ ਡਾਕਟਰ ਚੈਟਰਜੀ ਸੰਤ ਜੀ ਮਹਾਰਾਜ ਦਾ ਇਲਾਜ ਕਰਦਾ ਰਿਹਾ। ਮਹਾਂਪੁਰਸਾਂ ਦੀ ਮਰਜ਼ੀ ਵਿਰੁੱਧ ਆਪ੍ਰੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ। ਜਦੋਂ ਡਾਕਟਰ ਨੇ ਸੰਤ ਜੀ ਨੂੰ ਕਿਹਾ ਕਿ ਤੁਹਾਨੂੰ ਕਲੋਰੋਫਾਰਮ ਸੁੰਘਾਈਏ ਤਾਂ ਸੰਤ ਜੀ ਨੇ ਕਿਹਾ, 'ਜੇ ਤੁਸੇਂ ਨਹੀਂ ਮੁੜਨਾ ਤਾਂ ਸਰੀਰ ਹਾਜ਼ਰ ਹੈ, ਜਿਸ ਤਰ੍ਹਾਂ ਮਰਜ਼ੀ ਕਰੀ ਜਾਓ। ਸਾਨੂੰ ਕਲੋਰੋਫਾਰਮ ਦੀ ਕੋਈ ਲੋੜ ਨਹੀਂ।' ਆਪ੍ਰੇਸ਼ਨ ਕਰ ਦਿੱਤਾ ਗਿਆ। ਸੰਗਤਾਂ ਨੂੰ ਸੰਤ ਜੀ ਪਾਸ ਜਾਣ ਤੋਂ ਰੋਕਿਆ ਗਿਆ। ਸੰਤ ਜੀ ਪਾਸ ਸਿਰਫ ਚਾਰ ਹੀ ਸੰਤ ਪੁਰਖ ਮੌਜੂਦ ਸਨ (ਭਾਈ ਬਿਸ਼ਨ ਸਿੰਘ ਜੀ, ਭਾਈ ਰਾਮ ਸਿੰਘ ਜੀ ਗੜਵਾਈ, ਸੰਤ ਈਸ਼ਰ ਸਿੰਘ ਜੀ ਤੇ ਸੰਤ ਨਿਹਾਲ ਸਿੰਘ ਜੀ।) ਅਖੀਰ 19 ਮਾਘ 31 ਜਨਵਰੀ ,1927 ਈਸਵੀ  ਦੀ ਰਾਤ ਨੂੰ 1 ਵੱਜ ਕੇ 20 ਮਿੰਟ 'ਤੇ ਸੰਤ ਅਤਰ ਸਿੰਘ ਮਹਾਰਾਜ ਜੋਤੀ ਜੋਤ ਸਮਾ ਗਏ। ਸ੍ਰੀ ਗੋਬਿੰਦਰ ਸਿੰਘ ਦੀ ਕੋਠੀ (ਜਿਥੇ ਅੱਜਕੱਲ੍ਹ ਗੁਰਦੁਆਰਾ ਜੋਤੀ ਸਰੂਪ ਉਸਾਰਿਆ ਹੋਇਆ ਹੈ) ਤੋਂ ਸੰਤ ਜੀ ਮਹਾਰਾਜ ਦੇ ਸਰੀਰ ਨੂੰ ਗੁਰਸਾਗਰ ਮਸਤੂਆਣਾ ਸਾਹਿਬ ਲਿਆ ਕੇ ਸੰਸਕਾਰ ਕੀਤਾ ਗਿਆ। ਇਸ ਥਾਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਬਣਿਆ ਹੋਇਆ ਹੈ।



ਲੇਖਕ -ਰਘਵੀਰ ਸਿੰਘ ਚੰਗਾਲ

ਧਨੌਲਾ (ਬਰਨਾਲਾ)।

ਪਿੰਨ : 148105

ਮੋਬਾਈਲ ਨੰ : 98552-64144

No comments:

Post a Comment